ਪੰਜਾਬੀ ਮਦਦ ਅਤੇ ਸਹਾਇਤਾ : Trosolwg
ਮਰਦਮਸ਼ੁਮਾਰੀ ਕੀ ਹੈ?
ਮਰਦਮਸ਼ੁਮਾਰੀ ਇੱਕ ਸਰਵੇਖਣ ਹੈ ਜੋ ਹਰ 10 ਸਾਲਾਂ ਬਾਅਦ ਕੀਤਾ ਜਾਂਦਾ ਹੈ ਅਤੇ ਇਹ ਸਾਨੂੰ ਇੰਗਲੈਂਡ ਅਤੇ ਵੇਲਜ਼ ਦੇ ਸਾਰੇ ਲੋਕਾਂ ਅਤੇ ਘਰਾਂ ਦੀ ਇੱਕ ਤਸਵੀਰ ਪੇਸ਼ ਕਰਦਾ ਹੈ। ਅਗਲੀ ਮਰਦਮਸ਼ੁਮਾਰੀ ਐਤਵਾਰ 21 ਮਾਰਚ 2021 ਨੂੰ ਹੈ।
ਮਰਦਮਸ਼ੁਮਾਰੀ ਤੋਂ ਇਕੱਠੀ ਕੀਤੀ ਜਾਣਕਾਰੀ ਸਥਾਨਕ ਖੇਤਰਾਂ ਵਿਚ ਜਨਤਕ ਸੇਵਾਵਾਂ ਦੀ ਯੋਜਨਾਬੰਦੀ ਅਤੇ ਉਨ੍ਹਾਂ ਨੂੰ ਫੰਡ ਕਰਨ ਵਿਚ ਸਹਾਇਤਾ ਕਰਦੀ ਹੈ, ਇਸ ਵਿਚ ਭਾਸ਼ਾ ਸੇਵਾਵਾਂ ਵੀ ਸ਼ਾਮਲ ਹਨ। ਉਦਾਹਰਣ ਵਜੋਂ, NHS ਨੂੰ ਖਾਸ ਖੇਤਰਾਂ ਵਿਚ ਅਨੁਵਾਦ ਅਤੇ ਵਿਆਖਿਆ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਜ਼ਰੂਰਤ ਹੋ ਸਕਦੀ ਹੈ।
ਇੰਗਲੈਂਡ ਅਤੇ ਵੇਲਜ਼ ਵਿਚ The Office for National Statistics (ਦਾ ਅੋਫਿਸ ਫੌਰ ਨੈਸ਼ਨਲ ਸਟੈਟਿਸਟਿਕਸ) (ONS) ਮਰਦਮਸ਼ੁਮਾਰੀ ਦੀ ਯੋਜਨਾ ਕਰਦਾ ਅਤੇ ਚਲਾਉਂਦਾ ਹੈ।
ਮਰਦਮਸ਼ੁਮਾਰੀ ਕਿਸ ਨੂੰ ਪੂਰੀ ਕਰਨੀ ਚਾਹੀਦੀ ਹੈ
ਮਰਦਮਸ਼ੁਮਾਰੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਬਾਰੇ ਪ੍ਰਸ਼ਨ ਪੁੱਛਦੀ ਹੈ, ਅਤੇ ਇਹ ਮਹੱਤਵਪੂਰਨ ਹੈ ਕਿ ਇੰਗਲੈਂਡ ਅਤੇ ਵੇਲਜ਼ ਵਿਚ ਹਰ ਕੋਈ ਹਿੱਸਾ ਲਵੇ।
ਤੁਹਾਨੂੰ ਕਾਨੂੰਨੀ ਤੌਰ ਤੇ ਮਰਦਮਸ਼ੁਮਾਰੀ ਪੂਰੀ ਕਰਨੀ ਚਾਹੀਦੀ ਹੈ
ਗਲਤ ਜਾਣਕਾਰੀ ਦੇਣਾ ਜਾਂ ਮਰਦਮਸ਼ੁਮਾਰੀ ਪੂਰੀ ਨਾ ਕਰਨਾ ਇੱਕ ਜੁਰਮ ਹੈ ਅਤੇ ਤੁਹਾਨੂੰ ਇਸ ਦਾ £1000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਕੁਝ ਪ੍ਰਸ਼ਨ ਸਪੱਸ਼ਟ ਤੌਰ ਤੇ ਸਵੈਇੱਛੁਕ ਵੱਜੋਂ ਲੇਬਲ ਕੀਤੇ ਗਏ ਹੋਣਗੇ। ਇਹ ਕੋਈ ਜੁਰਮ ਨਹੀਂ ਹੈ ਜੇ ਤੁਸੀਂ ਇਨ੍ਹਾਂ ਦਾ ਜਵਾਬ ਨਹੀਂ ਦਿੰਦੇ ਹੋ।
ਯੂਕੇ ਵਿਚ ਤਿੰਨ ਮਹੀਨਿਆਂ ਤੋਂ ਘੱਟ ਸਮੇਂ ਲਈ ਰਹਿਣਾ
ਜੇ ਤੁਸੀਂ ਯੂਕੇ ਵਿਚ ਤਿੰਨ ਮਹੀਨਿਆਂ ਤੋਂ ਘੱਟ ਸਮੇਂ ਲਈ ਰਹਿ ਰਹੇ ਹੋ, ਤਾਂ ਮਰਦਮਸ਼ੁਮਾਰੀ ਨੂੰ ਭਰਨ ਲਈ ਤੁਸੀਂ ਜ਼ਿੰਮੇਵਾਰ ਨਹੀਂ ਹੋ। ਤੁਹਾਡੀ ਰਿਹਾਇਸ਼ ਦਾ ਮਾਲਕ ਤੁਹਾਨੂੰ ਕੁਝ ਪ੍ਰਸ਼ਨ ਪੁੱਛ ਸਕਦਾ ਹੈ ਤਾਂ ਜੋ ਉਹ ਪਰਿਵਾਰ ਵਿਚ ਰਹਿੰਦੇ ਲੋਕਾਂ ਬਾਰੇ ਮਰਦਮਸ਼ੁਮਾਰੀ ਨੂੰ ਭਰ ਸਕੇ।
ਆਪਣੀ ਮਰਦਮਸ਼ੁਮਾਰੀ ਨੂੰ ਕਦੋਂ ਪੂਰਾ ਕਰਨਾ ਹੈ
ਸਾਰੇ ਪਰਿਵਾਰਾਂ ਨੂੰ ਐਤਵਾਰ 21 ਮਾਰਚ 2021 ਨੂੰ ਜਾਂ ਜਿੰਨੀ ਜਲਦੀ ਸੰਭਵ ਹੋ ਸਕੇ ਮਰਦਮਸ਼ੁਮਾਰੀ ਨੂੰ ਪੂਰਾ ਕਰਨਾ ਚਾਹੀਦਾ ਹੈ।
ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਤੁਹਾਡੇ ਹਾਲਾਤਾਂ ਵਿਚ ਕੁਝ ਬਦਲਾਓ ਹੋ ਸਕਦੇ ਹਨ। ਆਪਣੇ ਸਾਰੇ ਪ੍ਰਸ਼ਨਾਂ ਦੇ ਉੱਤਰ ਆਪਣੀ ਪਰਿਸਥਿਤੀ ਦੇ ਅਧਾਰ ਤੇ ਦਿਓ।